ਨਵੀਂ ਦਿੱਲੀ : ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਨਮੀ 'ਚ ਵਾਧੇ ਤੇ ਹਵਾ ਦੀ ਬਦਲਦੀਆਂ ਦਿਸ਼ਾਵਾਂ ਕਾਰਨ ਅਗਲੇ ਤਿੰਨ ਦਿਨਾਂ 'ਚ ਉੱਤਰ-ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ 'ਚ ਤਾਪਮਾਨ 'ਚ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ, ਸੋਮਵਾਰ ਤੋਂ ਬੁੱਧਵਾਰ ਤਕ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ ਬਾਲਤੀਸਤਾਨ ਤੇ ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਪੱਛਮੀ ਰਾਸਸਥਾਨ 'ਚ ਮੌਸਮ ਖੁਸ਼ਕ ਰਹੇਗਾ। ਹਾਲਾਂਕਿ ਐਤਵਾਰ ਨੂੰ ਬਾਰਿਸ਼ ਹੋ ਸਕਦੀ ਹੈ। ਮੰਗਲਵਾਰ ਤੇ ਬੁੱਧਵਾਰ ਨੂੰ ਪੱਛਮੀ-ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ 'ਚ 25 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਇਸ ਦੌਰਾਨ ਦੱਖਣ-ਪੱਛਮੀ ਮੌਨਸੂਨ ਦਾ ਅੱਗੇ ਵਧਣਾ ਜਾਰੀ ਹੈ ਤੇ ਸ਼ਨਿਚਰਵਾਰ ਨੂੰ ਇਹ ਮਹਾਰਾਸ਼ਟਰ, ਤੇਲੰਗਾਨਾ ਤੇ ਆਂਧਰ ਪ੍ਰਦੇਸ਼ ਦੇ ਕੁਝ ਇਲਾਕਿਆਂ ਤਕ ਪੁੱਜ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਨਸੂਨ ਦੇ ਹੋਰ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ। ਮੌਨਸੂਨ ਕਾਰਨ ਸ਼ਨਿਚਰਵਾਰ ਸਵੇਰੇ ਕਰਨਾਟਕ ਦੇ ਦੱਖਣੀ ਕੰਨੜ ਜ਼ਿਲ੍ਹੇ 'ਚ ਹਲਕੀ ਬਾਰਿਸ਼ ਹੋਈ। ਅਗਲੇ 24 ਘੰਟਿਆਂ 'ਚ ਕੇਰਲ, ਤਾਮਿਲਨਾਡੂ ਤੇ ਕਰਨਾਟਕ 'ਚ ਗਰਜ-ਚਮਕ ਤੇ ਤੇਜ਼ ਹਵਾਵਾਂ ਨਾਲ ਭਾਰੀ ਬਾਰਿਸ਼ ਦਾ ਅੰਦਾਜ਼ਾ ਹੈ।